ਪਰਵਿੰਦਰ ਸਿੰਘ ਝੋਟੇ ਦੀ ਗ੍ਰਿਫ਼ਤਾਰੀ ਤੋਂ ਬਾਅਦ ਵਿਰੋਧੀਆਂ ਦੇ ਨਿਸ਼ਾਨੇ ‘ਤੇ ਮਾਨ ਸਰਕਾਰ

ਮਾਨਸਾ ਜਿਲ੍ਹੇ ਵਿੱਚ ਨਸ਼ਾ ਸਮਗਲਰਾਂ ਖਿਲਾਫ਼ ਆਵਾਜ ਉਠਾਉਣ ਵਾਲੇ ਪਰਵਿੰਦਰ ਸਿੰਘ ਝੋਟਾ ਨੂੰ ਲੰਘੇ ਕੱਲ੍ਹ ਮਾਨਸਾ ਪੁਲਿਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਜਿਸ ਤੋਂ ਬਾਅਦ ਗ੍ਰਿਫ਼ਤਾਰੀ ਦੇ ਵਿਰੋਧ ‘ਚ ਵੱਡੀ ਗਿਣਤੀ ਵਿਚ ਲੋਕਾਂ ਨੇ ਮਾਨਸਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦਾ ਘਿਰਾਓ ਕਰਕੇ ਪ੍ਰਦਰਸ਼ਨ ਕੀਤਾ ਹੈ। ਮਾਨਸਾ ਪੁਲਿਸ ਵੱਲੋਂ ਅੱਜ ਸਵੇਰੇ ਪਰਵਿੰਦਰ ਸਿੰਘ ਉਰਫ ਝੋਟੇ ਨੂੰ ਉਸ ਦੇ ਘਰ ਵਿਚ ਜਬਰੀ ਦਾਖਲ ਹੋ ਕੇ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦੌਰਾਨ ਪਰਵਿੰਦਰ ਝੋਟੇ ਦੇ ਪਿਤਾ ਫੌਜੀ ਭੀਮ ਸਿੰਘ ਤੇ ਮਾਤਾ ਅਮਰਜੀਤ ਕੌਰ ਵੀ ਮੌਜੂਦ ਸਨ।

ਦੂਜੇ ਬੰਨੇ ਇਸ ਮਾਮਲੇ ਨੂੰ ਲੈ ਕੇ ਵਿਰੋਧੀ ਧਿਰਾਂ ਨੇ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤੀ ਸੀ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਸਰਕਾਰ ਨੂੰ ਕਰੜੇ ਹੱਥੀਂ ਲਿਆ। ਉਨ੍ਹਾਂ ਨੇ  ਆਪਣੇ ਫੇਸਬੁੱਕ ਪੇਜ ‘ਤੇ ਇੱਕ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਮੈਂ ਮਾਨਸਾ ਦੇ ਇਸ ਪਰਵਿੰਦਰ ਸਿੰਘ ਝੋਟਾ ਨਾਮ ਦੇ ਨੌਜਵਾਨ ਨੂੰ ਜਾਣਦਾ ਨਹੀਂ ਹਾਂ।ਮੈਨੂੰ ਨਹੀਂ ਪਤਾ ਇਹ ਕੌਣ ਹੈ ? ਪਰ ਇਸ ਵੱਲੋਂ ਨਸ਼ੇ ਵਿਰੁੱਧ ਚਲਾਈ ਮੁਹਿੰਮ ਹਰ ਪੰਜਾਬ ਦਰਦੀ ਅਤੇ ਨਸ਼ਾ ਵਿਰੋਧੀ ਨੂੰ ਚੰਗੀ ਲੱਗਦੀ ਹੈ।ਮੈਨੂੰ ਵੀ ਇਸ ਵੱਲੋਂ ਕੀਤੀ ਜਾ ਰਹੀ ਜਦੋਜਹਿਦ ਚੰਗੀ ਲੱਗਦੀ ਹੈ।

ਉਨ੍ਹਾਂ ਨੇ ਕਿਹਾ ਕਿ ਇਸਨੂੰ ਦਬਾਉਣ ਦੇ ਇਰਾਦੇ ਨਾਲ ਇਸ ਵੱਲੋਂ ਸ਼ੁਰੂ ਕੀਤੀ ਨਸ਼ਾ ਵਿਰੋਧੀ ਮੁਹਿੰਮ ਨੂੰ ਰੋਕਣ ਲਈ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਵੱਲੋਂ ਇਸਨੂੰ ਡਰਾਉਣ ਦੇ ਇਰਾਦੇ ਨਾਲ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਅੱਜ ਸਵੇਰੇ ਇਸਦੀ ਕੀਤੀ ਗ੍ਰਿਫਤਾਰੀ ਦੀ ਮੈਂ ਨਿੰਦਾ ਕਰਦਾ ਹਾਂ। ਪਰ ਲਾਹਨਤ ਆ ਉਹਨਾਂ ਨੂੰ ਜਿਹੜੇ ਦਾਅਵੇ ਕਰਦੇ ਸੀ ਕਿ ਅਸੀਂ ਤਿੰਨ ਮਹੀਨਿਆਂ ‘ਚ ਨਸ਼ਾ ਖਤਮ ਕਰ ਦੇਵਾਂਗੇ , ਨਸ਼ਾ ਤਾਂ ਉੱਲਟਾ ਦੱਸ ਗੁਣਾ ਵੱਧ ਗਿਆ ਹੈ।

ਇਸ ਤੋਂ ਬਾਅਦ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਮਾਮਲੇ ਨੂੰ ਲੈ ਕੇ ਆਪਣਾ ਪ੍ਰਤੀਕਰਮ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਢੰਗ ਨਾਲ, ਨਸ਼ਿਆਂ ਵਿਰੁੱਧ ਜਿਹਾਦ ਛੇੜਣ ਵਾਲਿਆਂ ਨੂੰ ਗਿਰਫਤਾਰ ਕਰਨਾ ਜਾਂ ਬੁਲਾ ਕੇ ਧਮਕਾਉਣਾ, ਨਸ਼ੇ ਦੇ ਵਪਾਰੀਆਂ ਦੀ ਸਿੱਧੀ ਹਿਮਾਇਤ ਹੈ। ਜੇ ਸਰਕਾਰ ਨਸ਼ਿਆਂ ਦੇ ਪਸਾਰ ਨੂੰ ਰੋਕਣ ਲਈ ਵਾਕਾਈ ਸੁਹਿਰਦ ਹੈ ਤਾਂ ਸਰਕਾਰ ਨੂੰ ਨਸ਼ੇ ਖਿਲਾਫ ਲੜਨ ਵਾਲਿਆਂ ਦਾ ਸਹਿਯੋਗ ਲੈਣਾ ਚਾਹੀਦਾ ਹੈ ਤੇ ਦੇਣਾ ਵੀ ਚਾਹੀਦਾ ਹੈ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਮਾਨਸਾ ਸ਼ਹਿਰ ਵਿੱਚ ਨਸ਼ੇ ਦੇ ਖਿਲਾਫ ਮੁਹਿੰਮ ਚਲਾਉਣ ਵਾਲੇ ਨੌਜਵਾਨ ਉੱਤੇ ਇੱਕ ਵਿਅਕਤੀ ਵੱਲੋਂ ਕੁੱਟਮਾਰ ਦੇ ਇਲਜ਼ਾਮ ਲਗਾਏ ਸਨ। ਜਿਸ ਤਹਿਤ ਪੁਲਿਸ ਵੱਲੋਂ ਚਾਰ ਨੌਜਵਾਨਾਂ ਉੱਤੇ 307 ਦੇ ਅਧੀਨ ਕਈ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਪਰਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜਿਸ ਤੋਂ ਬਾਅਦ ਸ਼ਹਿਰ ਵਾਸੀਆਂ ਨੇ ਧਰਨਾ ਲਗਾ ਕੇ ਉਕਤ ਨੌਜਵਾਨ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਤਾਂ ਪੁਲਿਸ ਵੱਲੋਂ ਜਾਂਚ ਤੋਂ ਬਾਅਦ ਨੌਜਵਾਨ ਨੂੰ ਰਿਹਾਅ ਕਰ ਦਿੱਤਾ ਗਿਆ ਸੀ।

Check Also

ਦਵਾਈ ਵਜੋਂ ਵਰਤੀ ਜਾਂਦੀ ਚੀਜ ਬਣ ਗਈ ‘ਚਿੱਟਾ’ | ਜਿਸਨੇ ਪੰਜਾਬ ਵਿਚ ਸੱਥਰ ਵਿਛਾ ਦਿੱਤੇ

ਦਵਾਈ ਵਜੋਂ ਵਰਤੀ ਜਾਂਦੀ ਚੀਜ ਬਣ ਗਈ ‘ਚਿੱਟਾ’ | ਜਿਸਨੇ ਪੰਜਾਬ ਵਿਚ ਸੱਥਰ ਵਿਛਾ ਦਿੱਤੇ …

Leave a Reply

Your email address will not be published. Required fields are marked *