ਪਟਿਆਲਾ ਅਤੇ ਸੰਗਰੂਰ ਜ਼ਿਲ੍ਹੇ ਵੱਡੇ ਪੱਧਰ ’ਤੇ ਪਾਣੀ ਦੀ ਮਾਰ ਹੇੇਠ ਆ ਗਏ ਹਨ। ਘੱਗਰ ਦਰਿਆ ਵਿਚ ਕਈ ਥਾਈਂ ਚੌੜੇ ਪਾੜ ਪੈ ਗਏ ਹਨ। ਕਈ ਪਿੰਡ ਡੁੱਬ ਗਏ ਹਨ। ਉਧਰ, ਸੰਗਰੂਰ ਦੇ ਮੂਨਕ ਵਿਚ ਘੱਗਰ ਦਾ ਬੰਨ੍ਹ ਟੁੱਟ ਗਿਆ ਹੈ। ਇਥੇ ਮਕਰੋੜ ਸਾਹਿਬ ਕੋਲ 80 ਫੁੱਟ ਚੌੜਾ ਪਾੜ ਪੈ ਗਿਆ ਹੈ। ਕਈ ਪਿੰਡ ਹੜ੍ਹ ਦੀ ਲਪੇਟ ਵਿਚ ਆ ਗਏ ਹਨ।
ਲੋਕਾਂ ਨੂੰ ਸੁਰੱਖਿਅਤ ਕੱਢਣ ਲਈ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਪ੍ਰਸ਼ਾਸਨ ਤੇ ਲੋਕ ਪਾੜ ਪੂਰਨ ਲਈ ਜੁਟੇ ਹੋਏ ਹਨ।
ਸੰਗਰੂਰ ਜ਼ਿਲ੍ਹੇ ਵਿੱਚ ਘੱਗਰ ਦਰਿਆ ਦਾ ਖਨੌਰੀ ਦੇ ਪਿੰਡ ਬਨਾਰਸੀ ਵਿੱਚ ਦੋ ਥਾਵਾਂ ਤੋਂ ਬੰਨ੍ਹ ਟੁੱਟ ਗਿਆ ਹੈ। ਦੋਵੇਂ ਵੱਡੇ ਪਾੜ ਪੈਣ ਕਾਰਨ ਆਲੇ-ਦੁਆਲੇ ਪਾਣੀ ਭਰ ਗਿਆ। ਹਾਲਾਂਕਿ ਬਨਾਰਸੀ ਪਿੰਡ ਦੇ ਲੋਕਾਂ ਨੇ ਤੁਰੰਤ ਹਰਕਤ ਵਿੱਚ ਆਉਂਦੇ ਹੋਏ ਇੱਕ ਬੰਨ੍ਹ ਨੂੰ ਬੰਦ ਕਰ ਦਿੱਤਾ। ਦੂਜੇ ਪਾਸੇ ਸੰਗਰੂਰ ਤੇ ਪਟਿਆਲਾ ਵਿੱਚ ਕਈ ਥਾਈਂ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਉਥੇ ਹੀ ਲੋਕਾਂ ਨੇ ਪ੍ਰਸ਼ਾਸਨ ਉਪਰ ਦੋਸ਼ ਵੀ ਲਗਾਏ ਹਨ।
ਉਨ੍ਹਾਂ ਨੇ ਦੋਸ਼ ਲਗਾਏ ਕਿ ਪ੍ਰਸ਼ਾਸਨ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਨਾ ਹੀ ਰਾਸ਼ਨ ਭੇਜਿਆ ਜਾ ਰਿਹਾ ਹੈ ਨਾ ਹੀ ਕੋਈ ਐਨਡੀਆਰਐਫ ਦੀ ਟੀਮ ਨਜ਼ਰ ਆ ਰਹੀ ਹੈ। ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਤੇ ਅਮਨ ਅਰੋੜਾ ਹਲਕਾ ਲਹਿਰਾ ਦੇ ਵਿਧਾਇਕ ਵਰਿੰਦਰ ਕੁਮਾਰ ਗੋਇੰਲ ਪਿੰਡ ਮੋਤੀਪੁਰ ਵਿੱਚ ਰਾਸ਼ਨ ਸਮੱਗਰੀ ਪਹੁੰਚਾਉਣ ਵਿੱਚ ਜੁੱਟੇ ਹੋਏ ਹਨ।
ਇਸ ਦੇ ਨਾਲ ਹੀ ਮਾਨਸਾ ਅਧੀਨ ਪੈਂਦੇ ਸਰਦੂਲਗੜ੍ਹ ਦੇ ਚਾਂਦਪੁਰਾ ਵਿੱਚ ਸਵੇਰੇ 5 ਵਜੇ ਘੱਗਰ ਦਾ 30 ਫੁੱਟ ਦਾ ਕਿਨਾਰਾ ਟੁੱਟ ਗਿਆ। ਜਿਸ ਕਾਰਨ ਆਸਪਾਸ ਦੇ ਇਲਾਕੇ ਤੇਜ਼ੀ ਨਾਲ ਪਾਣੀ ਨਾਲ ਭਰ ਗਏ ਹਨ। ਘੱਗਰ ਹਾਲੇ ਵੀ ਖ਼ਤਰੇ ਦੇ ਨਿਸ਼ਾਨ ਉੱਪਰ ਵਗ ਰਿਹਾ ਹੈ। ਖਨੌਰੀ ਤੇ ਮੂਨਕ ਸ਼ਹਿਰਾਂ ’ਚ ਪਾਣੀ ਵੜਨ ਦਾ ਖ਼ਤਰਾ ਟਲਿਆ ਨਹੀਂ ਹੈ। ਇਲਾਕੇ ਦੇ ਦਰਜਨਾਂ ਪਿੰਡ ਘੱਗਰ ਦੀ ਮਾਰ ਹੇਠ ਹਨ ਤੇ ਕਈ ਏਕੜ ਫ਼ਸਲ ਪਾਣੀ ’ਚ ਡੁੱਬ ਚੁੱਕੀ ਹੈ।
ਖਨੌਰੀ ਨੇੜੇ ਕੌਮੀ ਮਾਰਗ ਦਾ ਇੱਕ ਪਾਸਾ ਪਾਣੀ ਦੇ ਤੇਜ਼ ਵਹਾਅ ਕਾਰਨ ਟੁੱਟ ਗਿਆ ਹੈ। ਮੂਨਕ ਤੇ ਖਨੌਰੀ ਸ਼ਹਿਰ ’ਚ ਪਾਣੀ ਨੂੰ ਦਾਖਲ ਹੋਣ ਤੋਂ ਰੋਕਣ ਲਈ ਲੋਕ ਆਪਣੇ ਪੱਧਰ ’ਤੇ ਬੰਨ੍ਹ ਲਾਉਣ ’ਚ ਜੁੱਟ ਗਏ ਹਨ। ਗੌਰਤਲਬ ਹੈ ਕਿ ਖਨੌਰੀ ਸ਼ਹਿਰ ਕੋਲੋਂ ਲੰਘਦੀ ਡਰੇਨ ਦੇ ਪਾਣੀ ਦਾ ਪੱਧਰ ਬੰਨ੍ਹ ਦੇ ਬਰਾਬਰ ਪੁੱਜਣ ਮਗਰੋਂ ਪਿੰਡ ਵਾਸੀਆਂ ਨੇ ਖੁਦ ਹੀ ਯਤਨ ਸ਼ੁਰੂ ਕਰ ਦਿੱਤੇ। ਘੱਗਰ ਦੇ ਪਾਣੀ ਦੀ ਮਾਰ ਹੇਠ ਆਉਣ ਕਾਰਨ ਕਈ ਮੁੱਖ ਸੜਕਾਂ ਬੰਦ ਹਨ।