ਪੰਜਾਬ ਦੇ ਸ਼ਹਿਰੀ ਵਿਕਾਸ ਵਿੱਚ ਕ੍ਰਾਂਤੀ ਲਿਆਉਣ ਦੇ ਉਦੇਸ਼ ਨਾਲ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ਸੂਬੇ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਰਾਜ ਦੇ ਸ਼ਹਿਰਾਂ ਵਿੱਚ ਵਿਸ਼ਵ ਪੱਧਰੀ ਸੜਕਾਂ-ਗਲੀਆਂ ਵਿਕਸਤ ਕਰਨ ਲਈ ਇੱਕ ਮਹੱਤਵਪੂਰਨ ਪ੍ਰੋਜੈਕਟ ਸ਼ੁਰੂ ਕਰਨ ਦਾ ਐਲਾਨ ਕੀਤਾ।

ਇਹ ਪਹਿਲਕਦਮੀ ਪੰਜਾਬ ਲਈ ਪਹਿਲੀ ਇਤਿਹਾਸਕ ਪਹਿਲ ਹੈ, ਜਿਸ ਦੇ ਸ਼ੁਰੂਆਤੀ ਪੜਾਅ ਵਿੱਚ ਤਿੰਨ ਵੱਡੇ ਸ਼ਹਿਰਾਂ-ਅੰਮ੍ਰਿਤਸਰ, ਲੁਧਿਆਣਾ ਅਤੇ ਜਲੰਧਰ ਦੀ ਚੋਣ ਕੀਤੀ ਗਈ ਹੈ। ਇਹ ਸ਼ਹਿਰ ਜਲਦੀ ਹੀ 140 ਕਰੋੜ ਰੁਪਏ ਤੋਂ ਵੱਧ ਦੇ ਇਸ ਪ੍ਰੋਜੈਕਟ ਤਹਿਤ ਆਪਣੀਆਂ 42 ਕਿਲੋਮੀਟਰ ਲੰਬੀਆਂ ਪ੍ਰਮੁੱਖ ਸੜਕਾਂ-ਗਲੀਆਂ ਨੂੰ ਡਿਜ਼ਾਈਨ ਕੀਤੇ ਗਏ ਸ਼ਹਿਰੀ ਸਥਾਨਾਂ ਵਿੱਚ ਬਦਲਣ ਦੀ ਗਵਾਹੀ ਭਰਨਗੇ।

ਉਨ੍ਹਾਂ ਕਿਹਾ ਕਿ ਪਹਿਲੇ ਪੜਾਅ ਦੇ ਵਿਚ ਅੰਮ੍ਰਿਤਸਰ ਸਾਹਿਬ ਲੁਧਿਆਣਾ ਅਤੇ ਜਲੰਧਰ ਨੂੰ ਸ਼ਾਮਿਲ ਕੀਤਾ ਗਿਆ ਹੈ। ਹਰਪਾਲ ਚੀਮਾ ਨੇ ਦੱਸਿਆ ਕਿ ਇਸ ਦੇ ਲਈ ਅੱਜ ਟੈਂਡਰ ਜਾਰੀ ਕਰ ਦਿੱਤਾ ਗਿਆ ਹੈ ਤੇ ਇਸ ਲਈ ਵਿਸ਼ਵ ਪੱਧਰੀ ਆਰਕੀਟੈਕਟ ਸ਼ਾਮਿਲ ਕੀਤੇ ਜਾਣਗੇ।

ਵਿੱਤ ਮੰਤਰੀ ਨੇ ਕਿਹਾ ਕਿ ਇਹ ਪਹਿਲਕਦਮੀ ਤਿੰਨ ਵੱਖ-ਵੱਖ ਪੜਾਵਾਂ ਵਿੱਚ ਸ਼ੁਰੂ ਹੋਵੇਗੀ। ਪਹਿਲਾ ਪੜਾਅ ਡਿਜ਼ਾਇਨ ‘ਤੇ ਕੇਂਦਰਤ ਹੋਵੇਗਾ ਜਿਸ ਤਹਿਤ ਚੋਟੀ ਦੇ ਸ਼ਹਿਰੀ ਯੋਜਨਾਕਾਰਾਂ ਅਤੇ ਕੌਮਾਂਤਰੀ ਮਾਹਰਾਂ ਵੱਲੋਂ ਚਾਰ ਮਹੀਨਿਆਂ ਦੀ ਮਿਆਦ ਵਿੱਚ ਵਿਸਤ੍ਰਿਤ ਖਾਕਾ ਤਿਆਰ ਕਰਨਾ ਸ਼ਾਮਿਲ ਹੈ।

ਦੂਜੇ ਪੜਾਅ ਵਿੱਚ ਅੱਠ ਮਹੀਨਿਆਂ ਦੀ ਉਸਾਰੀ ਦੀ ਮਿਆਦ ਸ਼ਾਮਲ ਹੈ, ਜਿਸ ਦੌਰਾਨ ਪ੍ਰਮੁੱਖ ਨਿਰਮਾਣ ਏਜੰਸੀਆਂ ਕੌਮਾਂਤਰੀ ਮਾਪਦੰਡਾਂ ਦੇ ਅਨੁਸਾਰ ਇਹਨਾਂ ਡਿਜ਼ਾਈਨਾਂ ਨੂੰ ਅਮਲੀ ਰੂਪ ਦੇਣਗੀਆਂ। ਉਨ੍ਹਾਂ ਕਿਹਾ ਕਿ ਆਖ਼ਰੀ ਪੜਾਅ ਆਧੁਨਿਕ ਸਾਜ਼ੋ-ਸਾਮਾਨ ਦੀ ਵਰਤੋਂ ਨਾਲ ਨਿਯਮਤ ਮਸ਼ੀਨੀ ਸਫਾਈ ਦੇ ਨਾਲ, ਨਿਰਮਾਣ ਏਜੰਸੀਆਂ ਤੋਂ ਇੱਕ ਦਹਾਕੇ-ਲੰਬੇ ਰੱਖ-ਰਖਾਅ ਦੀ ਵਚਨਬੱਧਤਾ ਨੂੰ ਯਕੀਨੀ ਬਣਾਉਂਦਾ ਹੈ।

 

By admin

Leave a Reply

Your email address will not be published. Required fields are marked *