ਨਸ਼ਿਆਂ ਖ਼ਿਲਾਫ਼ ਜੰਗ ਨੂੰ ਮਜ਼ਬੂਤ ਕਰਨ ਲਈ ਪੰਜਾਬ ਸਰਕਾਰ ਨੇ ਨੌਜਵਾਨਾਂ ਦੀ ਮਾਨਸਿਕ ਸਿਹਤ ‘ਤੇ ਕੇਂਦ੍ਰਤ ਇੱਕ ਅਹਿਮ ਪਹਿਲਕਦਮੀ ਸ਼ੁਰੂ ਕੀਤੀ ਹੈ। ਸਰਕਾਰ ਦੀ ਪ੍ਰਮੁੱਖ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਸੂਬੇ ਦੇ 40 ਕਾਲਜਾਂ ਵਿੱਚ ‘ਸੰਗਤ’ ਮੈਂਟਲ ਹੈਲਥ ਕਲੱਬ ਸ਼ੁਰੂ ਕੀਤੇ ਗਏ ਹਨ, ਜਿਨ੍ਹਾਂ ਦਾ ਮਕਸਦ ਨੌਜਵਾਨਾਂ ਵਿੱਚ ਮਾਨਸਿਕ ਸਿਹਤ ਪ੍ਰਤੀ ਜਾਗਰੂਕਤਾ ਵਧਾਉਣਾ, ਸ਼ੁਰੂਆਤੀ ਦਖ਼ਲਅੰਦਾਜ਼ੀ ਨੂੰ ਉਤਸ਼ਾਹਿਤ ਕਰਨਾ ਅਤੇ ਪਦਾਰਥਾਂ ਦੇ ਦੁਰਵਰਤੋਂ ਨੂੰ ਰੋਕਣਾ ਹੈ।
ਇਹ ਪਹਿਲਕਦਮੀ ਉਚੇਰੀ ਸਿੱਖਿਆ ਵਿਭਾਗ, ਪੰਜਾਬ ਦੀ ਅਗਵਾਈ ਹੇਠ ਆਦਿਤਿਆ ਬਿਰਲਾ ਐਜੂਕੇਸ਼ਨ ਟਰਸਟ (ਏਬੀਈਟੀ) ਦੇ ਸਹਿਯੋਗ ਨਾਲ ਚਲਾਈ ਜਾਵੇਗੀ। ਇਸਦਾ ਮਕਸਦ ਕੈਂਪਸਾਂ ਵਿੱਚ ਇੱਕ ਦੋਸਤਾਨਾ ਮਾਹੌਲ ਸਿਰਜਣਾ ਹੈ, ਜਿੱਥੇ ਵਿਦਿਆਰਥੀ ਭਾਵਨਾਤਮਕ ਤਣਾਅ ਨੂੰ ਪਛਾਣ ਸਕਣ, ਢੁਕਵੀਂ ਮਦਦ ਹਾਸਲ ਕਰ ਸਕਣ ਅਤੇ ਮਾਨਸਿਕ ਸਿਹਤ ਦੇ ਮੁੱਦਿਆਂ ‘ਤੇ ਖੁੱਲ੍ਹ ਕੇ ਚਰਚਾ ਕਰ ਸਕਣ।
ਇਸ ਵਿਲੱਖਣ ਪਹਿਲਕਦਮੀ ਦੀ ਸ਼ੁਰੂਆਤ ਮੁਹਾਲੀ ਸਥਿਤ ਪਲਕਸ਼ਾ ਯੂਨੀਵਰਸਿਟੀ ਵਿੱਚ ਹੋਈ, ਜਿੱਥੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਲੱਬ ਦੇ ਭਾਗੀਦਾਰਾਂ ਨਾਲ ਗੱਲਬਾਤ ਕੀਤੀ ਅਤੇ ਨੌਜਵਾਨ ਸਸ਼ਕਤੀਕਰਨ ਵਿੱਚ ਸਿੱਖਿਆ ਸੰਸਥਾਵਾਂ ਦੀ ਭੂਮਿਕਾ ‘ਤੇ ਚਰਚਾ ਕੀਤੀ।
ਇਸ ਮੌਕੇ ‘ਤੇ ਬੋਲਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ‘ਸੰਗਤ’ ਨੌਜਵਾਨਾਂ ਨੂੰ ਜਾਗਰੂਕਤਾ, ਸਹਿਯੋਗੀ ਸਹਾਇਤਾ ਅਤੇ ਸਮੂਹਿਕ ਯਤਨਾਂ ਰਾਹੀਂ ਮਾਨਸਿਕ ਸਿਹਤ ਚੁਣੌਤੀਆਂ ਅਤੇ ਪਦਾਰਥਾਂ ਦੀ ਦੁਰਵਰਤੋਂ ਨਾਲ ਨਜਿੱਠਣ ਲਈ ਸਸ਼ਕਤ ਕਰਨ ਵੱਲ ਇੱਕ ਮਹੱਤਵਪੂਰਨ ਅਤੇ ਨਵੀਨਤਾਕਾਰੀ ਕਦਮ ਹੈ। ਉਨ੍ਹਾਂ ਨੇ ਕਿਹਾ, “ਭਗਵਾਨ ਕ੍ਰਿਸ਼ਨ ਦਾ ਸਾਥ ਹੋਣ ਦੇ ਬਾਵਜੂਦ ਮਹਾਨ ਯੋਧਾ ਅਰਜੁਨ ਨੂੰ ਵੀ ਮਾਨਸਿਕ ਅਤੇ ਭਾਵਨਾਤਮਕ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਇਹ ਯਾਦ ਦਿਵਾਉਂਦਾ ਹੈ ਕਿ ਨੌਜਵਾਨਾਂ ਨੂੰ ਵੀ ਸਹੀ ਮਾਰਗਦਰਸ਼ਨ ਅਤੇ ਗੁਰੂਆਂ ਦੀ ਲੋੜ ਹੁੰਦੀ ਹੈ। ਨਸ਼ਾ ਕਰਨਾ ਮਾਣ ਵਾਲੀ ਗੱਲ ਨਹੀਂ ਹੈ। ਕਿਸੇ ਨੂੰ ਗਲਤ ਸੰਗਤ ਤੋਂ ਵਾਪਸ ਆਉਣ ਦਾ ਰਾਹ ਦਿਖਾਉਣਾ ਇੱਕ ਨੇਕ ਕੰਮ ਹੈ। ‘ਸੰਗਤ’ ਨੌਜਵਾਨਾਂ ਦੁਆਰਾ, ਨੌਜਵਾਨਾਂ ਲਈ ਤਿਆਰ ਕੀਤਾ ਗਿਆ ਹੈ।”
ਯੋਜਨਾ ਮੁਤਾਬਕ ਹਰ ਕਾਲਜ ਦੇ 25 ਵਿਦਿਆਰਥੀਆਂ ਨੂੰ ਮਾਨਸਿਕ ਸਿਹਤ ਫਸਟ ਏਡ ਦੀ ਸਿਖਲਾਈ ਦਿੱਤੀ ਜਾਵੇਗੀ, ਤਾਂ ਜੋ ਉਹ ਆਪਣੇ ਸਹਿਪਾਠੀਆਂ ਵਿੱਚ ਤਣਾਅ ਦੇ ਸ਼ੁਰੂਆਤੀ ਸੰਕੇਤ ਪਛਾਣ ਸਕਣ ਅਤੇ ਸਮੇਂ ਸਿਰ ਮਦਦ ਪਹੁੰਚਾ ਸਕਣ। ਸਰਕਾਰ ਦਾ ਮੰਨਣਾ ਹੈ ਕਿ ਨਸ਼ੇ ਦੀ ਲਤ ਅਕਸਰ ਭਾਵਨਾਤਮਕ ਤਣਾਅ, ਇਕੱਲਾਪਨ ਜਾਂ ਦੋਸਤਾਂ ਦੇ ਦਬਾਅ ਤੋਂ ਸ਼ੁਰੂ ਹੁੰਦੀ ਹੈ, ਨਾ ਕਿ ਸਿਰਫ਼ ਨਸ਼ਿਆਂ ਦੀ ਉਪਲਬਧਤਾ ਤੋਂ।
ਚਰਚਾ ਦੌਰਾਨ ਸਮਾਜਿਕ ਭੇਦਭਾਵ ਘਟਾਉਣ, ਨੌਜਵਾਨਾਂ ਨੂੰ ਮਦਦ ਮੰਗਣ ਲਈ ਉਤਸ਼ਾਹਿਤ ਕਰਨ ਅਤੇ ਪਦਾਰਥਾਂ ਦੀ ਦੁਰਵਰਤੋਂ ਨਾਲ ਨਜਿੱਠਣ ਲਈ ਸਿੱਖਿਆ ਸੰਸਥਾਵਾਂ, ਪਰਿਵਾਰਾਂ ਅਤੇ ਸਹਿਯੋਗੀ ਨੈੱਟਵਰਕਾਂ ਵਿੱਚ ਤਾਲਮੇਲ ਮਜ਼ਬੂਤ ਕਰਨ ਦੀ ਮਹੱਤਤਾ ‘ਤੇ ਵੀ ਜ਼ੋਰ ਦਿੱਤਾ ਗਿਆ।
ਮੁੱਖ ਗੱਲਾਂ
- ਪੰਜਾਬ ਸਰਕਾਰ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ 40 ਕਾਲਜਾਂ ਵਿੱਚ ‘ਸੰਗਤ’ ਮੈਂਟਲ ਹੈਲਥ ਕਲੱਬ ਸ਼ੁਰੂ ਕੀਤੇ ਹਨ।
- ਉਚੇਰੀ ਸਿੱਖਿਆ ਵਿਭਾਗ ਦੀ ਅਗਵਾਈ ਵਿੱਚ ਆਦਿਤਿਆ ਬਿਰਲਾ ਐਜੂਕੇਸ਼ਨ ਟਰਸਟ ਦੇ ਸਹਿਯੋਗ ਨਾਲ ਚੱਲੇਗਾ ਇਹ ਪ੍ਰੋਗਰਾਮ।
- ਸ਼ੁਰੂਆਤ ਮੁਹਾਲੀ ਦੀ ਪਲਕਸ਼ਾ ਯੂਨੀਵਰਸਿਟੀ ਵਿੱਚ; ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਮਨੀਸ਼ ਸਿਸੋਦੀਆ ਮੌਜੂਦ ਸਨ।
- ਹਰ ਕਾਲਜ ਦੇ 25 ਵਿਦਿਆਰਥੀਆਂ ਨੂੰ ਮਾਨਸਿਕ ਸਿਹਤ ਫਸਟ ਏਡ ਦੀ ਸਿਖਲਾਈ ਦਿੱਤੀ ਜਾਵੇਗੀ।
- ਮਕਸਦ: ਮਾਨਸਿਕ ਤਣਾਅ ਦੀ ਸ਼ੁਰੂਆਤੀ ਪਛਾਣ, ਸਹਿਯੋਗੀ ਸਹਾਇਤਾ, ਭੇਦਭਾਵ ਖਤਮ ਕਰਨਾ ਅਤੇ ਨਸ਼ਿਆਂ ਦੀ ਰੋਕਥਾਮ।
ਟਿੱਪਣੀ ਲਿਖੋ