ਕੇਂਦਰ ਸਰਕਾਰ ਨੇ ਦੇਸ਼ ਭਰ ਦੇ ਵਾਹਨ ਮਾਲਕਾਂ ਲਈ ਵੱਡਾ ਫ਼ੈਸਲਾ ਲੈਂਦਿਆਂ ਪ੍ਰਦੂਸ਼ਣ ਕੰਟਰੋਲ (ਪੀਯੂਸੀ) ਸਰਟੀਫਿਕੇਟ ਦੀ ਵੈਧਤਾ ਬਦਲ ਦਿੱਤੀ ਹੈ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਕੇਂਦਰੀ ਮੋਟਰ ਵਾਹਨ (ਸੋਲ੍ਹਵੀਂ ਸੋਧ) ਨਿਯਮ, 2026 ਨੂੰ 13 ਨਵੰਬਰ ਨੂੰ ਗਜ਼ਟ ਨੋਟੀਫਿਕੇਸ਼ਨ ਜੀ.ਐੱਸ.ਆਰ. 991(ਈ) ਰਾਹੀਂ ਜਾਰੀ ਕੀਤਾ ਸੀ, ਅਤੇ ਇਹ ਨਵੇਂ ਨਿਯਮ 19 ਨਵੰਬਰ ਨੂੰ ਸਰਕਾਰੀ ਗਜ਼ਟ ’ਚ ਪ੍ਰਕਾਸ਼ਿਤ ਹੁੰਦਿਆਂ ਹੀ ਲਾਗੂ ਹੋ ਗਏ ਹਨ। ਹੁਣ ਪੀਯੂਸੀ ਸਰਟੀਫਿਕੇਟ ਦੀ ਮਿਆਦ ਵਾਹਨ ਦੀ ਉਮਰ, ਉਸ ਦੇ ਨਿਕਾਸ ਮਾਪਦੰਡ ਅਤੇ ਸ਼੍ਰੇਣੀ ਦੇ ਹਿਸਾਬ ਨਾਲ ਤੈਅ ਹੋਵੇਗੀ।
ਨਵੇਂ ਨਿਯਮਾਂ ਤਹਿਤ ਸਭ ਤੋਂ ਵੱਡੀ ਰਾਹਤ ਬੀਐੱਸ-6 ਮਾਪਦੰਡ ਵਾਲੇ ਨਵੇਂ ਨਿੱਜੀ ਵਾਹਨਾਂ ਨੂੰ ਮਿਲੀ ਹੈ। ਪਹਿਲੀ ਰਜਿਸਟ੍ਰੇਸ਼ਨ ਤੋਂ ਛੇ ਸਾਲ ਤੱਕ ਦੇ ਬੀਐੱਸ-6 ਨਿੱਜੀ ਵਾਹਨਾਂ ਦਾ ਪੀਯੂਸੀ ਸਰਟੀਫਿਕੇਟ ਹੁਣ ਤਿੰਨ ਸਾਲ ਲਈ ਵੈਧ ਰਹੇਗਾ, ਜਦੋਂ ਕਿ ਪਹਿਲਾਂ ਹਰ ਸਾਲ ਜਾਂਚ ਕਰਵਾਉਣੀ ਪੈਂਦੀ ਸੀ। ਛੇ ਸਾਲ ਤੋਂ ਵੱਧ ਪਰ ਦਸ ਸਾਲ ਤੱਕ ਦੇ ਵਾਹਨਾਂ ਨੂੰ ਹਰ ਸਾਲ ਅਤੇ ਦਸ ਸਾਲ ਤੋਂ ਪੁਰਾਣੇ ਵਾਹਨਾਂ ਨੂੰ ਹਰ ਛੇ ਮਹੀਨੇ ਬਾਅਦ ਪੀਯੂਸੀ ਜਾਂਚ ਕਰਵਾਉਣੀ ਪਵੇਗੀ।
ਵਪਾਰਕ ਅਤੇ ਟਰਾਂਸਪੋਰਟ ਵਾਹਨਾਂ ਲਈ ਵੱਖਰਾ ਸਮਾਂ-ਸਾਰਣੀ ਤੈਅ ਕੀਤੀ ਗਈ ਹੈ। ਛੇ ਸਾਲ ਤੱਕ ਦੇ ਬੀਐੱਸ-6 ਟਰਾਂਸਪੋਰਟ ਵਾਹਨਾਂ ਦਾ ਸਰਟੀਫਿਕੇਟ ਦੋ ਸਾਲ ਲਈ ਵੈਧ ਰਹੇਗਾ। ਛੇ ਤੋਂ ਦਸ ਸਾਲ ਦੇ ਵਾਹਨਾਂ ਨੂੰ ਸਾਲਾਨਾ ਜਾਂਚ ਕਰਵਾਉਣੀ ਹੋਵੇਗੀ, ਜਦੋਂ ਕਿ ਦਸ ਸਾਲ ਤੋਂ ਪੁਰਾਣੇ ਟਰਾਂਸਪੋਰਟ ਵਾਹਨਾਂ ਨੂੰ ਵੀ ਹਰ ਛੇ ਮਹੀਨੇ ਬਾਅਦ ਨਵਾਂ ਸਰਟੀਫਿਕੇਟ ਲੈਣਾ ਪਵੇਗਾ।
ਪੁਰਾਣੇ ਨਿਕਾਸ ਮਾਪਦੰਡਾਂ ਵਾਲੇ ਵਾਹਨਾਂ ਲਈ ਨਿਯਮ ਸਖ਼ਤ ਰੱਖੇ ਗਏ ਹਨ। ਬੀਐੱਸ-1, ਬੀਐੱਸ-2 ਅਤੇ ਬੀਐੱਸ-3 ਮਾਪਦੰਡ ਵਾਲੇ ਵਾਹਨਾਂ ਦਾ ਪੀਯੂਸੀ ਸਰਟੀਫਿਕੇਟ ਸਿਰਫ਼ ਤਿੰਨ ਮਹੀਨੇ ਲਈ ਵੈਧ ਰਹੇਗਾ, ਜਦੋਂ ਕਿ ਬੀਐੱਸ-4 ਵਾਹਨਾਂ ਲਈ ਇਹ ਮਿਆਦ ਛੇ ਮਹੀਨੇ ਰੱਖੀ ਗਈ ਹੈ। ਮੰਤਰਾਲੇ ਦਾ ਕਹਿਣਾ ਹੈ ਕਿ ਪੁਰਾਣੇ ਵਾਹਨਾਂ ਤੋਂ ਜ਼ਿਆਦਾ ਪ੍ਰਦੂਸ਼ਣ ਹੁੰਦਾ ਹੈ, ਇਸ ਲਈ ਉਨ੍ਹਾਂ ਦੀ ਜਾਂਚ ਜ਼ਿਆਦਾ ਵਾਰ ਜ਼ਰੂਰੀ ਹੈ।
ਮੰਤਰਾਲੇ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ 19 ਨਵੰਬਰ ਤੋਂ ਪਹਿਲਾਂ ਜਾਰੀ ਹੋਏ ਸਰਟੀਫਿਕੇਟਾਂ ਦੀ ਮਿਆਦ ਆਪਣੇ ਆਪ ਨਹੀਂ ਵਧੇਗੀ। ਨਵੀਂ ਵੈਧਤਾ ਸਿਰਫ਼ ਉਸ ਪਹਿਲੇ ਨਵੀਨੀਕਰਨ ਤੋਂ ਲਾਗੂ ਹੋਵੇਗੀ, ਜੋ ਨਿਯਮ ਲਾਗੂ ਹੋਣ ਤੋਂ ਬਾਅਦ ਕਰਵਾਇਆ ਜਾਵੇਗਾ। ਯਾਨੀ ਜੇਕਰ ਤੁਹਾਡਾ ਸਰਟੀਫਿਕੇਟ ਅਜੇ ਵੈਧ ਹੈ ਤਾਂ ਉਹ ਆਪਣੀ ਮਿਆਦ ਤੱਕ ਚੱਲੇਗਾ, ਪਰ ਅਗਲੀ ਵਾਰ ਨਵਾਂ ਸਰਟੀਫਿਕੇਟ ਨਵੇਂ ਨਿਯਮਾਂ ਹਿਸਾਬ ਨਾਲ ਮਿਲੇਗਾ।
ਦੱਸਣਯੋਗ ਹੈ ਕਿ ਮੰਤਰਾਲੇ ਨੇ ਇਸ ਬਦਲਾਅ ਦਾ ਖਰੜਾ 22 ਜੁਲਾਈ ਨੂੰ ਜਾਰੀ ਕਰ ਕੇ ਜਨਤਾ ਤੋਂ 30 ਦਿਨਾਂ ਅੰਦਰ ਇਤਰਾਜ਼ ਅਤੇ ਸੁਝਾਅ ਮੰਗੇ ਸਨ। ਇਸ ਤੋਂ ਬਾਅਦ ਅੰਤਿਮ ਨਿਯਮਾਂ ਨੂੰ ਨੋਟੀਫਾਈ ਕੀਤਾ ਗਿਆ। ਇਹ ਬਦਲਾਅ ਮੋਟਰ ਵਾਹਨ ਕਾਨੂੰਨ, 1988 ਤਹਿਤ ਕੀਤਾ ਗਿਆ ਹੈ।
ਮੁੱਖ ਗੱਲਾਂ
- ਬੀਐੱਸ-6 ਨਿੱਜੀ ਵਾਹਨ (6 ਸਾਲ ਤੱਕ): ਪੀਯੂਸੀ ਸਰਟੀਫਿਕੇਟ ਹੁਣ 3 ਸਾਲ ਲਈ ਵੈਧ
- ਬੀਐੱਸ-6 ਨਿੱਜੀ ਵਾਹਨ (6–10 ਸਾਲ): ਸਾਲਾਨਾ ਜਾਂਚ; 10 ਸਾਲ ਤੋਂ ਪੁਰਾਣੇ: ਹਰ 6 ਮਹੀਨੇ ਜਾਂਚ
- ਬੀਐੱਸ-6 ਟਰਾਂਸਪੋਰਟ ਵਾਹਨ (6 ਸਾਲ ਤੱਕ): 2 ਸਾਲ ਦੀ ਵੈਧਤਾ; ਪੁਰਾਣੇ ਵਾਹਨਾਂ ਲਈ ਘੱਟ ਮਿਆਦ
- ਬੀਐੱਸ-1/2/3 ਵਾਹਨ: ਸਿਰਫ਼ 3 ਮਹੀਨੇ; ਬੀਐੱਸ-4 ਵਾਹਨ: 6 ਮਹੀਨੇ ਦੀ ਵੈਧਤਾ
- ਨਵੇਂ ਨਿਯਮ 19 ਨਵੰਬਰ 2026 ਤੋਂ ਲਾਗੂ; ਪੁਰਾਣੇ ਸਰਟੀਫਿਕੇਟ ਪਹਿਲੇ ਨਵੀਨੀਕਰਨ ਤੋਂ ਨਵੇਂ ਨਿਯਮਾਂ ਹੇਠ ਆਉਣਗੇ
ਟਿੱਪਣੀ ਲਿਖੋ