Monday, 23 November 2026  |  ਪੰਜਾਬ ਦਾ ਭਰੋਸੇਮੰਦ ਨਿਊਜ਼ ਡੈਸਕ
ਤਾਜ਼ਾ ਖ਼ਬਰ
ਤਕਨਾਲੋਜੀ

ਵਟਸਐਪ ਵੈੱਬ ਨੂੰ ਪਬਲਿਕ ਕੰਪਿਊਟਰ ’ਤੇ ਲਾਗਇਨ ਛੱਡਣਾ ਖ਼ਤਰਨਾਕ; ਸਰਕਾਰੀ ਏਜੰਸੀ I4C ਨੇ ਚਿਤਾਵਨੀ ਜਾਰੀ ਕੀਤੀ

ਕੇਂਦਰੀ ਗ੍ਰਹਿ ਮੰਤਰਾਲੇ ਦੀ ਸਾਈਬਰ ਅਪਰਾਧ ਰੋਕੂ ਏਜੰਸੀ, ਇੰਡੀਅਨ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ (I4C), ਨੇ ਵਟਸਐਪ ਵੈੱਬ ਵਰਤਣ ਵਾਲ਼ੇ ਲੋਕਾਂ ਨੂੰ ਸਖ਼ਤ ਚਿਤਾਵਨੀ ਜਾਰੀ ਕੀਤੀ ਹੈ। ਏਜੰਸੀ ਨੇ ਕਿਹਾ ਹੈ ਕਿ ਜੇਕਰ ਵਟਸਐਪ ਵੈੱਬ ਦਾ ਸੈਸ਼ਨ ਕਿਸੇ ਪਬਲਿਕ ਜਾਂ ਸਾਂਝੇ ਕੰਪਿਊਟਰ ’ਤੇ ਲਾਗਇਨ ਰਹਿ ਗਿਆ ਤਾਂ ਸਾਈਬਰ ਅਪਰਾਧੀ ਇਸ ਦਾ ਗਲਤ ਇਸਤੇਮਾਲ ਕਰਕੇ ਉਪਭੋਗਤਾ ਦਾ ਖਾਤਾ ਹਾਈਜੈਕ ਕਰ ਸਕਦੇ ਹਨ।

I4C ਦੀ ਰਾਸ਼ਟਰੀ ਸਾਈਬਰ ਅਪਰਾਧ ਖ਼ਤਰਾ ਵਿਸ਼ਲੇਸ਼ਣ ਇਕਾਈ (NCTAU) ਵੱਲੋਂ 18 ਨਵੰਬਰ ਨੂੰ ਜਾਰੀ ਇਸ ਸਲਾਹ ’ਚ ਕਿਹਾ ਗਿਆ ਹੈ ਕਿ ਸਰਗਰਮ ਵਟਸਐਪ ਵੈੱਬ ਸੈਸ਼ਨ ਰਾਹੀਂ ਹਮਲਾਵਰ ਨਿੱਜੀ ਸੁਨੇਹੇ ਪੜ੍ਹ ਸਕਦੇ ਹਨ, ਉਪਭੋਗਤਾ ਬਣ ਕੇ ਸੁਨੇਹੇ ਭੇਜ ਸਕਦੇ ਹਨ, ਸੰਪਰਕ ਸੂਚੀ ਅਤੇ ਗਰੁੱਪ ਗੱਲਬਾਤ ਤੱਕ ਪਹੁੰਚ ਸਕਦੇ ਹਨ ਅਤੇ ਉਸ ਦੀ ਭਰੋਸੇਯੋਗ ਪਛਾਣ ਦਾ ਇਸਤੇਮਾਲ ਕਰਕੇ ਧੋਖਾਧੜੀ, ਫਿਸ਼ਿੰਗ ਅਤੇ ਸੋਸ਼ਲ ਇੰਜੀਨੀਅਰਿੰਗ ਹਮਲੇ ਕਰ ਸਕਦੇ ਹਨ।

ਏਜੰਸੀ ਨੇ ਸਪੱਸ਼ਟ ਕੀਤਾ ਹੈ ਕਿ ਸਿਰਫ਼ ਬਰਾਊਜ਼ਰ ਦੀ ਵਿੰਡੋ ਜਾਂ ਟੈਬ ਬੰਦ ਕਰਨ ਨਾਲ਼ ਸੈਸ਼ਨ ਖ਼ਤਮ ਨਹੀਂ ਹੁੰਦਾ — ਹਰ ਵਾਰ ਕੰਮ ਖ਼ਤਮ ਹੋਣ ਤੋਂ ਬਾਅਦ ਹੱਥੀਂ ਲਾਗਆਊਟ ਕਰਨਾ ਜ਼ਰੂਰੀ ਹੈ। ਉਪਭੋਗਤਾਵਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਦਫ਼ਤਰ ਦੇ ਕੰਪਿਊਟਰਾਂ, ਸਾਂਝੀਆਂ ਮਸ਼ੀਨਾਂ ਅਤੇ ਪਬਲਿਕ ਕੰਪਿਊਟਰਾਂ ’ਤੇ ਵਟਸਐਪ ਵੈੱਬ ਰਾਹੀਂ ਸਰਕਾਰੀ, ਸੰਸਥਾਗਤ, ਵਿੱਤੀ ਜਾਂ ਗੁਪਤ ਜਾਣਕਾਰੀ ਨਾ ਸਾਂਝੀ ਕਰਨ।

ਸਲਾਹ ’ਚ ਕਿਹਾ ਗਿਆ ਹੈ ਕਿ ਸਾਈਬਰ ਕੈਫ਼ੇ, ਪਬਲਿਕ ਕਿਓਸਕ, ਹੋਟਲਾਂ ਦੇ ਬਿਜ਼ਨਸ ਸੈਂਟਰਾਂ, ਉਧਾਰ ਲਏ ਕੰਪਿਊਟਰਾਂ ਜਾਂ ਕਿਸੇ ਹੋਰ ਅਣਜਾਣ ਸਿਸਟਮ ਤੋਂ ਵਟਸਐਪ ਵੈੱਬ ’ਚ ਲਾਗਇਨ ਕਰਨ ਤੋਂ ਬਚਿਆ ਜਾਵੇ। ਜੇਕਰ ਅਸਥਾਈ ਵਰਤੋਂ ਲਾਜ਼ਮੀ ਹੋਵੇ ਤਾਂ ਭਰੋਸੇਯੋਗ ਕੰਪਿਊਟਰ ’ਤੇ ਇਨਕਾਗਨਿਟੋ ਜਾਂ ਪ੍ਰਾਈਵੇਟ ਬਰਾਊਜ਼ਿੰਗ ਮੋਡ ਵਰਤਿਆ ਜਾਵੇ ਅਤੇ ਕੰਮ ਖ਼ਤਮ ਹੁੰਦਿਆਂ ਹੀ ਹੱਥੀਂ ਲਾਗਆਊਟ ਕੀਤਾ ਜਾਵੇ।

I4C ਨੇ ਉਪਭੋਗਤਾਵਾਂ ਨੂੰ ਆਪਣੇ ਯੰਤਰਾਂ, ਓਪਰੇਟਿੰਗ ਸਿਸਟਮਾਂ ਅਤੇ ਬਰਾਊਜ਼ਰਾਂ ਨੂੰ ਅਪਡੇਟ ਰੱਖਣ, ਸ਼ੱਕੀ ਡਾਊਨਲੋਡਾਂ ਤੇ ਅਣਜਾਣ ਫ਼ਾਈਲਾਂ ਤੋਂ ਬਚਣ ਅਤੇ ਖਾਤੇ ’ਚ ਕਿਸੇ ਅਸਾਧਾਰਨ ਗਤੀਵਿਧੀ ’ਤੇ ਨਜ਼ਰ ਰੱਖਣ ਦੀ ਸਲਾਹ ਵੀ ਦਿੱਤੀ ਹੈ। ਉਪਭੋਗਤਾ ਵਟਸਐਪ ਦੇ “ਲਿੰਕਡ ਡਿਵਾਈਸਿਜ਼” ਭਾਗ ’ਚ ਜਾ ਕੇ ਅਣਜਾਣ ਸੈਸ਼ਨਾਂ ਨੂੰ ਹਟਾ ਸਕਦੇ ਹਨ। ਸਾਈਬਰ ਠੱਗੀ ਦੀ ਸ਼ਿਕਾਇਤ ਲਈ ਰਾਸ਼ਟਰੀ ਹੈਲਪਲਾਈਨ 1930 ਜਾਂ cybercrime.gov.in ’ਤੇ ਸੰਪਰਕ ਕੀਤਾ ਜਾ ਸਕਦਾ ਹੈ।

ਇਹ ਚਿਤਾਵਨੀ ਅਜਿਹੇ ਸਮੇਂ ਆਈ ਹੈ ਜਦੋਂ ਵਟਸਐਪ ਖਾਤਿਆਂ ’ਤੇ ਕਬਜ਼ੇ ਦੀਆਂ ਘਟਨਾਵਾਂ ਵਧ ਰਹੀਆਂ ਹਨ। ਅਗਸਤ ’ਚ I4C ਨੇ ਕੰਪਨੀ ਡਾਇਰੈਕਟਰਾਂ ਅਤੇ ਵਿੱਤੀ ਪੇਸ਼ੇਵਰਾਂ ਨੂੰ ਨਿਸ਼ਾਨਾ ਬਣਾਉਣ ਵਾਲ਼ੀ “ਬੌਸ ਸਕੈਮ” ਮੁਹਿੰਮ ਬਾਰੇ ਚਿਤਾਵਨੀ ਦਿੱਤੀ ਸੀ, ਜਿਸ ’ਚ ਆਰਬੀਆਈ ਅਤੇ ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਦੇ ਨਾਂ ’ਤੇ ਭੇਜੀਆਂ ਗਈਆਂ ਜ਼ਿਪ ਫ਼ਾਈਲਾਂ ਰਾਹੀਂ ਮਾਲਵੇਅਰ ਫੈਲਾ ਕੇ ਵਟਸਐਪ ਵੈੱਬ ਸੈਸ਼ਨ ਹਾਈਜੈਕ ਕੀਤਾ ਜਾਂਦਾ ਸੀ। ਮੰਤਰਾਲੇ ਨੇ ਦੱਸਿਆ ਕਿ ਇਸ ਤੋਂ ਬਾਅਦ “I4CMHA-G” ਹੈਡਰ ਵਾਲ਼ੇ ਐਸਐਮਐਸ ਰਾਹੀਂ 58,000 ਤੋਂ ਵੱਧ ਸੰਭਾਵੀ ਪੀੜਤਾਂ ਨੂੰ ਸੁਚੇਤ ਕੀਤਾ ਗਿਆ ਸੀ।

ਮੁੱਖ ਗੱਲਾਂ

  • I4C ਨੇ ਚਿਤਾਵਨੀ ਦਿੱਤੀ: ਪਬਲਿਕ ਕੰਪਿਊਟਰ ’ਤੇ ਵਟਸਐਪ ਵੈੱਬ ਸੈਸ਼ਨ ਲਾਗਇਨ ਛੱਡਣਾ ਖ਼ਤਰਨਾਕ।
  • ਸਰਗਰਮ ਸੈਸ਼ਨ ਰਾਹੀਂ ਸੁਨੇਹੇ ਪੜ੍ਹੇ ਜਾ ਸਕਦੇ ਹਨ, ਪਛਾਣ ਚੋਰੀ ਕਰਕੇ ਧੋਖਾਧੜੀ ਹੋ ਸਕਦੀ ਹੈ।
  • ਬਰਾਊਜ਼ਰ ਬੰਦ ਕਰਨਾ ਕਾਫ਼ੀ ਨਹੀਂ — ਹਰ ਵਾਰ ਹੱਥੀਂ ਲਾਗਆਊਟ ਕਰੋ।
  • ਸਾਈਬਰ ਕੈਫ਼ੇ, ਪਬਲਿਕ ਕਿਓਸਕ ਅਤੇ ਉਧਾਰ ਕੰਪਿਊਟਰਾਂ ਤੋਂ ਲਾਗਇਨ ਕਰਨ ਤੋਂ ਬਚੋ।
  • ਸ਼ਿਕਾਇਤ ਲਈ ਹੈਲਪਲਾਈਨ 1930 ਜਾਂ cybercrime.gov.in ’ਤੇ ਸੰਪਰਕ ਕਰੋ।

ਟਿੱਪਣੀ ਲਿਖੋ

ਚਰਚਾ ਵਿੱਚ ਸ਼ਾਮਲ ਹੋਵੋ

Your email address will not be published. Required fields are marked *

ਹਫ਼ਤੇ ਦੀਆਂ ਚੋਣਵੀਆਂ ਪੜ੍ਹਤਾਂ

ਹਫ਼ਤੇ ਦੀਆਂ ਚੋਣਵੀਆਂ ਖ਼ਬਰਾਂ ਈਮੇਲ ਰਾਹੀਂ ਪਾਉਣ ਲਈ ਸਾਡੇ ਨਾਲ ਜੁੜੋ — ਬਟਨ ਦਬਾਉਣ ’ਤੇ ਤਿਆਰ ਸੁਨੇਹਾ ਖੁੱਲ੍ਹੇਗਾ।