ਚੰਡੀਗੜ੍ਹ, 18 ਨਵੰਬਰ — ਪੰਜਾਬ ਸਰਕਾਰ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਇਤਿਹਾਸਕ ਢੰਗ ਨਾਲ ਮਨਾਏਗੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੰਗਲਵਾਰ ਨੂੰ ਤਿਆਰੀਆਂ ਦੀ ਸਮੀਖਿਆ ਲਈ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਨ ਮਗਰੋਂ ਐਲਾਨ ਕੀਤਾ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਖੁਰਾਲਗੜ੍ਹ ਵਿਖੇ 4 ਤੋਂ 6 ਦਸੰਬਰ ਤੱਕ ਤਿੰਨ ਦਿਨਾ ਧਾਰਮਿਕ, ਅਧਿਆਤਮਿਕ ਅਤੇ ਸੱਭਿਆਚਾਰਕ ਸਮਾਗਮ ਕਰਵਾਏ ਜਾਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਦਾ 650ਵਾਂ ਪ੍ਰਕਾਸ਼ ਪੁਰਬ ਸਿਰਫ਼ ਇੱਕ ਧਾਰਮਿਕ ਜਸ਼ਨ ਨਹੀਂ, ਸਗੋਂ ਸਮਾਜ ਨੂੰ ਗੁਰੂ ਜੀ ਦੇ ਬਰਾਬਰੀ, ਮਨੁੱਖਤਾ ਅਤੇ ਸਮਾਜਿਕ ਨਿਆਂ ਦੇ ਅਮਰ ਸਿਧਾਂਤ ਨਾਲ ਮੁੜ ਜੋੜਨ ਦਾ ਇਤਿਹਾਸਕ ਮੌਕਾ ਹੈ। ਉਨ੍ਹਾਂ ਕਿਹਾ ਕਿ ਸਮਾਗਮਾਂ ’ਚ ਗੁਰੂ ਜੀ ਦੇ ਜੀਵਨ ਅਤੇ ਸਿੱਖਿਆ ਨੂੰ ਹਰ ਪਿੰਡ ਤੱਕ ਪਹੁੰਚਾਇਆ ਜਾਵੇਗਾ।
ਪ੍ਰੋਗਰਾਮ ਮੁਤਾਬਕ ਸਮਾਗਮਾਂ ਦੀ ਸ਼ੁਰੂਆਤ 4 ਦਸੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਆਰੰਭ ਨਾਲ ਹੋਵੇਗੀ। ਇਸ ਮਗਰੋਂ ਗੁਰੂ ਜੀ ਦੇ ਜੀਵਨ ਅਤੇ ਦਰਸ਼ਨ ’ਤੇ ਆਧਾਰਿਤ ਪ੍ਰਦਰਸ਼ਨੀ, ਸੰਤ ਸਮੇਲਨ, ਕਥਾ ਅਤੇ ਕੀਰਤਨ ਦਰਬਾਰ, ਥ੍ਰੀ-ਡੀ ਪ੍ਰੋਜੈਕਸ਼ਨ ਅਤੇ ਡਰੋਨ ਸ਼ੋਅ ਵਰਗੇ ਪ੍ਰੋਗਰਾਮ ਕਰਵਾਏ ਜਾਣਗੇ। 5 ਦਸੰਬਰ ਨੂੰ ਖੁਰਾਲਗੜ੍ਹ ’ਚ ਵਿਸ਼ਾਲ ਨਗਰ ਕੀਰਤਨ ਕੱਢਿਆ ਜਾਵੇਗਾ ਅਤੇ ਗੁਰੂ ਜੀ ਦੀ ਬਾਣੀ ’ਤੇ ਵਿਸ਼ੇਸ਼ ਸੰਮੇਲਨ ਹੋਵੇਗਾ।
ਸਮਾਗਮਾਂ ਦਾ ਸਮਾਪਨ 6 ਦਸੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮਗਰੋਂ ਬੇਗਮਪੁਰਾ ਸਮਾਗਮ, ਕਥਾ ਅਤੇ ਕੀਰਤਨ ਦਰਬਾਰ ਨਾਲ ਹੋਵੇਗਾ। ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਸੰਤ ਸਮਾਜ ਦੀ ਅਗਵਾਈ ’ਚ ਵਾਰਾਣਸੀ, ਫ਼ਰੀਦਕੋਟ, ਬਠਿੰਡਾ ਅਤੇ ਜੰਮੂ ਤੋਂ ਚਾਰ ਵੱਡੀਆਂ ਸ਼ੋਭਾ ਯਾਤਰਾਵਾਂ ਕੱਢੀਆਂ ਜਾਣਗੀਆਂ, ਜੋ 3 ਦਸੰਬਰ ਨੂੰ ਖੁਰਾਲਗੜ੍ਹ ਪੁੱਜਣਗੀਆਂ।
ਸਰਕਾਰ ਨੇ 650ਵੇਂ ਪ੍ਰਕਾਸ਼ ਪੁਰਬ ਨੂੰ ਸਾਲ ਭਰ ਦੇ ਸਮਾਗਮਾਂ ਰਾਹੀਂ ਵੀ ਮਨਾਉਣ ਦੀ ਯੋਜਨਾ ਬਣਾਈ ਹੈ। ਇਸ ਤਹਿਤ ਸੂਬੇ ਦੇ 13,000 ਪਿੰਡਾਂ ’ਚ ਗੁਰੂ ਜੀ ਦੇ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ ਫ਼ਿਲਮਾਂ ਦਿਖਾਈਆਂ ਜਾਣਗੀਆਂ, ਤਾਂ ਜੋ ਨੌਜਵਾਨ ਪੀੜ੍ਹੀ ਗੁਰੂ ਜੀ ਦੀ ਸਿੱਖਿਆ ਨਾਲ ਜੁੜ ਸਕੇ। ਮੀਟਿੰਗ ’ਚ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਤਰੁਣਪ੍ਰੀਤ ਸਿੰਘ ਸੌਂਦ, ਹਰਦੀਪ ਸਿੰਘ ਮੁੰਡੀਆਂ ਅਤੇ ਡਾ. ਰਵਜੋਤ, ਮੁੱਖ ਸਕੱਤਰ ਕੇਏਪੀ ਸਿਨਹਾ ਅਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ ਖੁਰਾਲਗੜ੍ਹ ਸ੍ਰੀ ਗੁਰੂ ਰਵਿਦਾਸ ਜੀ ਨਾਲ ਜੁੜਿਆ ਪਵਿੱਤਰ ਅਸਥਾਨ ਹੈ ਅਤੇ ਹਰ ਸਾਲ ਲੱਖਾਂ ਸ਼ਰਧਾਲੂ ਇੱਥੇ ਨਤਮਸਤਕ ਹੋਣ ਆਉਂਦੇ ਹਨ। ਸਰਕਾਰ ਨੇ ਸਮਾਗਮਾਂ ਦੌਰਾਨ ਸੰਗਤ ਦੀ ਸਹੂਲਤ ਲਈ ਆਵਾਜਾਈ, ਸਿਹਤ ਅਤੇ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਹਨ।
ਮੁੱਖ ਗੱਲਾਂ
- ਖੁਰਾਲਗੜ੍ਹ ’ਚ 4 ਤੋਂ 6 ਦਸੰਬਰ ਤੱਕ ਤਿੰਨ ਦਿਨਾ ਸਮਾਗਮਾਂ ਦਾ ਐਲਾਨ
- 4 ਦਸੰਬਰ ਨੂੰ ਅਖੰਡ ਪਾਠ ਦਾ ਆਰੰਭ, ਪ੍ਰਦਰਸ਼ਨੀ ਅਤੇ ਡਰੋਨ ਸ਼ੋਅ
- 5 ਦਸੰਬਰ ਨੂੰ ਵਿਸ਼ਾਲ ਨਗਰ ਕੀਰਤਨ ਤੇ ਬਾਣੀ ’ਤੇ ਸੰਮੇਲਨ
- 6 ਦਸੰਬਰ ਨੂੰ ਭੋਗ ਮਗਰੋਂ ਬੇਗਮਪੁਰਾ ਸਮਾਗਮ
- ਵਾਰਾਣਸੀ, ਫ਼ਰੀਦਕੋਟ, ਬਠਿੰਡਾ ਤੇ ਜੰਮੂ ਤੋਂ 4 ਸ਼ੋਭਾ ਯਾਤਰਾਵਾਂ 3 ਦਸੰਬਰ ਨੂੰ ਖੁਰਾਲਗੜ੍ਹ ਪੁੱਜਣਗੀਆਂ
ਟਿੱਪਣੀ ਲਿਖੋ